ਕਿੰਤੂ, ਨਵੰਬਰ 1977
ਮੰਡੀ ਕਲਾਂ—ਸੀ ਤਾਂ ਵਿਆਹ— ਪਰ ਬਿਲਕੁਲ ਹੀ ਕਾਵਿਕ ਤਰਜ਼ ਦਾ, ਜਿਵੇਂ ਕਿਸੇ ਸਾਹਿਤਕ ਸੰਮੇਲਨ ਤੇ ਇਕੱਠੇ ਹੋਏ ਹੋਈਏ। ਹੰਢ ਚੁੱਕੀਆਂ ਕਦਰਾਂ-ਕੀਮਤਾਂ, ਬੋਦੇ ਰਸਮਾਂ ਰਿਵਾਜਾਂ ਨੂੰ ਭਰਪੂਰ ਚਣੌਤੀ । ਸਾਜ਼ਾਂ ਦੀ ਟੁਣਕਾਰ ਨਾਲ ਪੇਂਡੂ ਤਰਜ਼ ਦੀਆਂ ਕਲੀਆਂ ਅਤੇ ਵਾਰਾਂ—"ਇਹ ਜੋ ਜਾਲ ਹੈ ਤਾਣਿਆ ਮਾਇਆਧਾਰੀ ਠੱਗਾਂ ਨੇ, ਇਕ ਦਿਨ ਇਕੱਠੇ ਹੋ ਕੇ ਸਾਨੂੰ ਪਊ ਜਲਾਉਣਾ", ਤੇ ਸੰਤ ਰਾਮ ਉਦਾਸੀ ਵਲੋਂ ਗਾਏ ਗੀਤ—"ਛੇਤੀ ਛੇਤੀ ਡੋਲੀ ਮੇਰੀ ਤੋਰਦੇ ਤੂੰ ਬਾਬਲਾ ਵੇ ਕਿਹੜੀ ਗੱਲੋਂ ਰਿਹਾ ਏ ਤੂੰ ਝੂਰ, ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਵੇ ਮਾਂਗ ਮੇਰੀ ਮੰਗਦੀ ਸੰਧੂਰ"—ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਹੋਇਆ। ਬੇ-ਜ਼ਮੀਨੇ ਕਿਸਾਨਾਂ ਦੇ, ਕਿਰਤੀ ਸਮਾਜ ਦੇ ਥੰਮ੍ਹ ਮਜ਼੍ਹਬੀ—ਰਵਿਦਾਸੀਆਂ ਦੇ ਵਿਹੜਿਆਂ ਵਿਚ ਇਕ ਅਹਿਮ ਵਰਤਾਰਾ ਸੀ, ਜਦੋਂ ਫੁਲਾਂ ਦੇ ਹਾਰਾਂ ਨਾਲ ਲੱਦੀ ਜੋੜੀ ਕੁਰਸੀਆਂ ਉਤੇ ਸਸ਼ੋਭਤ ਸੀ ਅਤੇ ਪੰਡਾਲ ਵਿਚ ਤਿੰਨ ਸੌ ਦੇ ਲਗਭਗ ਮਰਦ, ਔਰਤਾਂ ਅਤੇ ਬੱਚਿਆਂ ਦਾ ਸਮੂਹ ਸ਼ਾਂਤ ਬੈਠਾ ਪ੍ਰੋਗਰਾਮ ਦੀ ਰੌਣਕ ਵਿਚ ਅੰਤਾਂ ਦਾ ਵਾਧਾ ਕਰ ਰਿਹਾ ਸੀ ।
ਇਸ ਪ੍ਰੋਗਰਾਮ ਦੀ ਇਕ ਹੋਰ ਖਾਸੀਅਤ ਇਹ ਸੀ ਕਿ ਦੋਹਾਂ (ਮਜ਼੍ਹਬੀ-ਰਵਿਦਾਸੀਆਂ) ਅਗਵਾੜਾਂ ਦੀਆਂ ਔਰਤਾਂ—ਕੁੜੀਆਂ ਲੰਗਰ ਦੀ ਤਿਆਰੀ ਕਰਦੀਆਂ ਸਨ, ਜੋ ਇਸ ਪਿੰਡ ਵਿਚ ਰਵਿਦਾਸੀਆਂ ਦੀ ਅਚੇਤ ਰੂਪ ਉਚਤਾ ਨੂੰ ਨਵਿਆ ਕੇ ਭਰੱਪਣ ਦਾ ਨਮੂਨਾ ਪੇਸ਼ ਕਰਨ ਦੀ ਮਿਸਾਲ ਸੀ ।
ਗੱਲ ਸ਼ੁਰੂ ਹੋਈ ਵਿਗਿਆਨਕ ਯੁਗ ਅਤੇ ਰੂੜੀਵਾਦੀ ਸੰਸਾਰ ਦੇ ਟਕਰਾ ਤੋਂ ਕਿ ਕਿਵੇਂ ਅੱਜ ਵਿਆਹ ਨੂੰ ਨਵੀਆਂ ਲੀਹਾਂ 'ਤੇ ਪਾਉਣ ਦੀ ਮੁੱਖ ਲੋੜ ਬਣੀ ਹੋਈ ਹੈ ਜੋ ਚੇਤੰਨ ਵਰਗ ਲਈ ਜੋਖੋਂ ਦਾ ਕੰਮ ਹੈ । ਦਾਜ ਦਹੇਜ ਅਤੇ ਲਮਕਵੀਆਂ ਰਸਮਾਂ ਦੀ ਪੇਚੀਦਗੀ ਤੋਂ ਨਵੀਨ ਸੋਚ ਤੋਂ ਪ੍ਰਣਾਇਆ ਵਰਗ ਛਪਟਾਉਂਦਾ ਹੈ ਅਤੇ ਟਕਰਾ ਦੀਆਂ ਹਾਲਤਾਂ ਵਿਚ ਆਉਣ ਲਈ ਮਜ਼ਬੂਰ ਹੈ ਪਰ ਅਜਿਹੇ ਟਕਰਾ ਦੀਆਂ ਸਥਿਤੀਆਂ ਵਿਚ 'ਕੱਲੇ ਦੁਕੱਲੇ ਵਿਅਕਤੀ ਲਈ ਖੜੋਣਾ ਅਤਿ ਗੰਭੀਰਤਾ ਅਤੇ ਔਖ ਵਾਲਾ ਮਸਲਾ ਹੈ। ਸੋਚ ਦੀ ਪੱਧਰ 'ਤੇ ਤਾਂ ਨਵੀਨ ਵਿਚਾਰਾਂ ਦੀ, ਪੁਰਾਣੀ ਸੋਚ ਦੇ ਬੰਦੇ ਵੀ ਹਮਾਇਤ ਕਰ ਦੇਣਗੇ, ਪਰ ਅਮਲ ਵਿਚ ਪੈਂਦਿਆਂ ਪੈਰ ਪਿਛਾਂਹ ਨੂੰ ਘੜੀਸਣਾ ਉਹਨਾਂ ਦੀ 'ਸਿਆਣਪ' ਮੰਨਿਆ ਜਾਂਦਾ ਹੈ!—ਕਿਉਂਕਿ ਤੋਨੀ ਵਾਲੇ ਬਲਦ ਵਾਂਗ ਉਹ ਆਪਣੇ ਕਦਮਾਂ ਵਿਚ ਪ੍ਰਾਲੱਭਤ ਦਾ ਵੱਡਾ ਹਿੱਸਾ ਸਮਝਦੇ ਹਨ ।
ਗੱਲ ਤਾਂ ਆਪਣੇ ਘਰੋਂ ਹੀ ਤੋਰਨੀ ਪਏਗੀ – ਕਦ ਤਕ ਅਸੀਂ ਦੂਜਿਆਂ ਦੀ ਬਸੰਤਰ ਸੇਕਣ ਦੀ ਦੁਰਗਤ ਵਿਚ ਰਹਿ ਸਕਾਂਗੇ ਤੇ ਫੇਰ ਏਸ ਪ੍ਰੋਗਰਾਮ ਨੂੰ ਨੇਪਰੇ ਚੜਾਉਣ ਲਈ, ਪ੍ਰਵਾਰ ਦੇ ਜੀਆਂ ਦੀ ਪਾਲਾਬੰਦੀ ਨੂੰ ਨਰਮ ਕਰਨ ਲਈ, ਕਿਸੇ ਨੂੰ ਨਿਖੇੜਨ, ਕਿਸੇ ਨੂੰ ਚੁੱਪ ਕਰਾਉਣ ਤੇ ਕਿਸੇ ਨੂੰ ਜਿੱਤ ਦੇ ਪੱਖ ਵਿਚ ਕਰਨ ਲਈ ਮਹਿੰ ਸੁਆਉਣ ਜਿੰਨਾ ਜ਼ੋਰ ਲਗਣਾ ਗੈਰ-ਕੁਦਰਤੀ ਨਹੀਂ ਸੀ—ਤਾਂ ਵੀ ਇਹ ਸਭ ਕੁਝ ਚੇਤੰਨ ਵਰਗ ਦੇ ਇਕ ਜੁੱਟ ਹੋਣ ਅਤੇ ਸਾਡੇ ਪਿਛੇ ਠੋਸ ਹਮਾਇਤ ਅਤੇ ਪੈਰਾਂ ਹੇਠ ਠੋਸ ਅਧਾਰ ਸਦਕਾ ਹੀ ਇੱਡੀ ਵੱਡੀ ਸਫਲਤਾ ਦੀ ਗਰੰਟੀ ਹੋ ਸਕੀ ਜਦੋਂ ਕਿ ਕੁਝ ਕੁ "ਨਵ-ਕ੍ਰਾਂਤੀਵਾਦੀਆਂ" ਨੇ ਸਾਡੇ ਘਰ ਵਿਚ ਫੁਟ ਪਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ।
ਭੂਪਵਾਦੀ ਅਤੇ ਪੂੰਜੀਵਾਦੀ ਕਦਰਾਂ ਵਿਚਕਾਰ ਲਟਕਦੇ ਮਾਪਿਆਂ ਨੂੰ ਭਾਵੇਂ ਪੰਜਾਹ ਸਾਲ ਅਗੇ ਦਾ ਕਦਮ ਪ੍ਰਵਾਨ ਕਰਨਾ ਸੌਖਾ ਨਹੀਂ ਹੁੰਦਾ, ਫਿਰ ਵੀ ਸਤਿਕਾਰ ਯੋਗ ਬਜ਼ੁਰਗ ਸ: ਮਹਿੰਦਰ ਸਿੰਘ (ਨਿਵਾਸੀ ਚਚੋਹਰ ਤਹਿਸੀਲ ਮਾਨਸਾ ਰੱਖਾ ਸਿੰਘ ਵਿਆਦ੍ਰੜ ਦਾ ਬਾਪ) ਦਾ ਹਾਥੀ ਜੇਡਾ ਜ਼ੇਰਾ ਜਿਸ ਨੇ ਹਰ ਮੰਗ ਨੂੰ ਹੱਸ ਕੇ ਪ੍ਰਵਾਨ ਕੀਤਾ ਅਤੇ ਪੁੱਤਾਂ ਵਾਲਿਆਂ ਦੀ ਪ੍ਰਚੱਲਤ ਮਰਿਆਦਾ ਤੋਂ ਉਲਟ ਲੈਣ-ਦੇਣ ਨੂੰ ਠੁਕਰਾ ਦਿਤਾ ਅਤੇ ਜੱਟਾਂ ਦੀਆਂ ਖੁਰਲੀਆਂ ਵਿਚ ਹੱਥ ਮਾਰਨ ਵਾਲੇ ਉਸ ਮਹਾਨ ਕਿਰਤੀ ਸਿੱਖ ਨੇ ਪੁੱਤ ਦੇ ਬਰਾਬਰ ਦੀ ਕੁਰਸੀ ਸਵੀਕਾਰ ਕਰ ਲਈ। ਧਾਰਮਕ ਰੀਤ ਦੀ ਅਣਹੋਂਦ ਤੋਂ ਖਿਝਿਆ ਲੜਕੀ (ਮਹਿੰਦਰ ਕੌਰ) ਦਾ ਬਾਪ ਜਥੇਦਾਰ ਬਖਤੌਰ ਸਿੰਘ ਭੀੜ 'ਚੋਂ ਉਠ ਕੇ ਕੁੜੀ ਦੇ ਖੱਬੇ ਡਾਹੀ ਕੁਰਸੀ ਤੇ ਬੈਠਣ ਦਾ ਹੀਆ ਨਾ ਕਰ ਸਕਿਆ। ਭੁੱਚੋਂ ਕਲਾਂ ਦੇ ਰੱਜੇ ਪੁੱਜੇ ਜੱਟ ਸ: ਲਾਭ ਸਿੰਘ ਕਲਾਰ ਦੇ ਪਿਤਾ ਦੀ ਥਾਂ ਪ੍ਰਾਪਤ ਕੀਤੀ; ਜੋ ਸਮੁੱਚੇ ਪ੍ਰਵਾਰ ਸਮੇਤ ਹਾਜ਼ਰ ਹੋਇਆ ਸੀ। (ਇਸੇ ਹੀ ਲਾਭ ਸਿੰਘ ਦੇ ਪ੍ਰਵਾਰ ਵਿਚ ਅਤਰਜੀਤ ਐਮਰਜੈਂਸੀ ਦੌਰਾਨ ਗ੍ਰਿਫਤਾਰੀ ਤੋਂ ਪਹਿਲਾਂ ਰਹਿੰਦਾ ਰਿਹਾ ਸੀ ਅਤੇ ਬਾਅਦ ਵਿਚ ਜੇ.ਬੀ ਟੀ. ਕਰਦੇ ਸਮੇਂ ਮਹਿੰਦਰ ਇਸੇ ਪ੍ਰਵਾਰ ਦੀ ਬੇਟੀ ਬਣ ਕੇ ਰਹੀ ਸੀ) ਸ਼ਾਇਦ ਕੁੜੀ ਦੇ ਪਿਤਾ ਦੇ ਚਿੱਤ ਵਿਚ ਪ੍ਰਵਾਰ ਦੀ ਪਿਓ ਦਾਦੇ ਦੀ ਸਾਂਭ ਕੇ ਰੱਖੀ ਸਿੱਖੀ ਦੀ ਜੱਖਣਾ ਖੋਈ ਜਾ ਰਹੀ ਸੀ। ਇਹ ਵੀ ਅਗਾਂਹ-ਵਧੂ ਰਸਮ ਅਤੇ ਰੂੜੀਵਾਦ ਦਾ ਭੇੜ ਜੋ ਚੁੱਪ ਮਹੌਲ 'ਚੋਂ ਵੀ ਦ੍ਰਿਸ਼ਟੀਗੋਚਰ ਹੋ ਰਿਹਾ ਸੀ।
ਅਤਰਜੀਤ ਨੇ ਵਿਆਹ ਦੀ ਇਤਿਹਾਸਕ ਪ੍ਰਚਾਰਵਾਦੀ ਨਜ਼ਰੀਏ ਨਾਲ ਵਿਆਖਿਆ ਕੀਤੀ ਅਤੇ ਗੁਰਬਾਣੀ ਦੇ ਆਪਣੇ ਯੁੱਗ ਅਗਾਂਹ-ਵਧੂ ਖਾਸੇ ਤੇ ਚਾਨਣਾ ਪਉਂਦਿਆਂ ਮਾਇਆ ਦੇ ਪਰਦੇ ਓਹਲੇ ਹਰ ਰਸਮ ਕਰਦੇ ਪੁਜਾਰੀਆਂ ਦੀ ਲਾਲਚੀ ਨੀਅਤ ਤੋਂ ਤਰਕ ਕਰਦਿਆਂ ਗੁਰੂ ਗਰੰਥ ਨੂੰ ਕਮਾਈ ਦਾ ਸਾਧਨ ਬਣਾਉਣਾ ਯੋਗ ਨਾ ਸਮਝਿਆ ਸਿੱਧੀ ਸਾਦੀ ਰਸਮ ਤੇ ਜ਼ੋਰ ਦਿੱਤਾ। ਸਿੱਖ ਜਗਤ ਨੂੰ ਇਸ ਸਿੱਧੀ-ਸਾਦੀ, ਦਾਜ-ਦਹੇਜ ਰਹਿਤ ਮਰਿਆਦਾ ਦਾ ਅੱਜ ਕੋਈ ਮਾਣ ਪ੍ਰਾਪਤ ਨਹੀਂ, ਕਿਉਂਕਿ ਲਾਵਾਂ ਤੋਂ ਤੁਰੰਤ ਬਾਅਦ ਹੀ ਦਾਜ ਦਹੇਜ ਦੇ ਛੱਜ, ਗਹਿਣੇ, ਲੀੜੇਲੱਤੇ ਆਦਿ ਦੇ ਢੇਰ ਆ ਹਾਜ਼ਰ ਹੁੰਦੇ ਹਨ। ਇਕ ਵੀ ਗਰੰਥੀ ਇਹ ਵਿਰੋਧ ਨਹੀਂ ਕਰਦਾ ਕਿ ਜੋ ਮਾਪੇ ਗੁਰਮਰਿਆਦਾ ਤੋਂ ਉਲਟ ਕਾਰਜ ਕਰਨਗੇ ਉਹ ਉਥੇ ਲਾਵਾਂ ਨਹੀਂ ਪੜ੍ਹਨਗੇ ਭਾਵ ਗੁਰ-ਮਰਿਆਦਾ ਉਰੇ ਪਰੇ ਵਿਚ ਹੀ ਗਾਇਬ ਕਰ ਦਿਤੀ ਜਾਂਦੀ ਹੈ। ਇਸ ਤਰ੍ਹਾਂ ਮਾਇਆਧਾਰੀ ਅੰਨ੍ਹੇ ਬੋਲੇ ਠੱਗਾਂ ਦੀ ਹੀ ਜੈ ਜੈਕਾਰ ਹੋਣ ਦੀਆਂ ਸ਼ੇਖੀਆਂ ਵਿਚ ਕਾਰਜ ਸਿਰੇ ਚੜ੍ਹਦੇ ਹਨ।
ਸੰਤ ਰਾਮ ਉਦਾਸੀ ਨੇ ਆਪਣੇ ਭਾਸ਼ਨ ਵਿਚ ਗੁਰਬਾਣੀ ਵਿਚੋਂ ਹੀ ਟੂਕਾਂ ਸੁਣਾ ਸੁਣਾ ਕੇ ਪ੍ਰਚੱਲਤ ਰਸਮ ਦੀਆਂ ਕਮਜ਼ੋਰੀਆਂ 'ਤੇ ਉਂਗਲ ਰੱਖੀ। ਉਸ ਦੇ ਭਾਸ਼ਨ ਤੋਂ ਹਰ ਕੋਈ ਖਾਸ ਕਰ ਧਰਮ ਵਿਸ਼ਵਾਸ਼ੀ ਲੋਕ ਬਹੁਤ ਪ੍ਰਭਾਵਤ ਹੋਏ ।
ਜਦ ਮੁੰਡੇ ਕੁੜੀ ਨੇ ਇਕ ਦੂਜੇ ਦੇ ਗਲਾਂ ਵਿਚ ਹਾਰ ਪਾਏ ਅਤੇ ਪਿਛੋਂ ਬਜ਼ੁਰਗਾਂ ਨੇ ਜੋੜੀ ਦੇ ਗਲੀਂ ਵਾਰੀ ਵਾਰੀ ਹਾਰ ਪਾ ਕੇ ਅਸ਼ੀਰਵਾਦ ਦਿਤੀ ਤਾਂ ਕਿਸੇ ਵੱਡੇ ਸਮਾਗਮ ਦਾ ਦ੍ਰਿਸ਼ ਪੇਸ਼ ਹੋ ਰਿਹਾ ਸੀ। ਸਾਰਾ ਚੁਗਿਰਦਾ ਕਾਵਿਕ ਤੇ ਸੰਗੀਤਕ ਹੋ ਗਿਆ ਸੀ। ਰਸਮ ਤੋਂ ਪਹਿਲਾਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਵਿਚ ਸੰਤ ਰਾਮ ਉਦਾਸੀ ਨੇ "ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ—ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ" ਗੀਤ ਗਾ ਕੇ ਸਮਾਪਤ ਕੀਤਾ ।
ਫਿਰ ਬਾਕਾਇਦਾ ਦਾਜ ਦਹੇਜ ਦੇਣ ਦੀ ਰਸਮ ਬੜੀ ਹੀ ਸ਼ਾਨ ਸ਼ੌਕਤ ਨਾਲ ਅਦਾ ਕੀਤੀ ਗਈ। ਅਤਰਜੀਤ ਨੇ ਭੈਣ ਨੂੰ ਮੌਕਸਿਮ ਗੋਰਕੀ ਦਾ ਸੰਸਾਰ ਪ੍ਰਸਿੱਧ ਨਾਵਲ (ਮਾਂ) ਅਤੇ ਰੱਖਾ ਸਿੰਘ (ਵਿਆਦੜ) ਨੂੰ ਬੋਰਿਸ ਪੋਲੀੜਾਈ ਦਾ ਸੰਸਾਰ ਪ੍ਰਸਿੱਧ ਨਾਵਲ 'ਅਸਲੀ ਇਨਸਾਨ ਦੀ ਕਹਾਣੀ', ਮਾਸਟਰ ਭਗਵਾਨ ਦਾਸ ਵਲੋਂ ਵੀ 'ਮਾਂ' ਨਾਵਲ, ਸੰਤ ਰਾਮ ਉਦਾਸੀ ਨੇ ਅਦਾਰਾ 'ਕਿੰਤੂ' ਤਪਾ ਵਲੋਂ ਕਿੰਤੂ ਦੀ ਇਕ ਕਾਪੀ, ਪ੍ਰੋ: ਸਤਿਬੀਰ ਨੇ ਤਾਲਸਤਾਏ ਦੀਆਂ ਕਹਾਣੀਆਂ ਦੀ ਪੁਸਤਕ ਭੇਟ ਕੀਤੀ ।
ਰਸਮ ਸਮਾਪਤ ਹੁੰਦਿਆਂ ਸਾਹਿਤਕ ਮਿਲਣੀਆਂ ਵਰਗਾ ਮਹੌਲ ਪੈਦਾ ਹੋ ਗਿਆ ਸੀ। ਅੰਤ ਵਿਚ ਅਜਿਹੀਆਂ ਰਸਮਾਂ ਨੂੰ ਮਜ਼ਬੂਤੀ ਨਾਲ ਅਗੇ ਤੋਰਨ ਦੀ ਪ੍ਰੇਰਨਾ ਨਾਲ ਇਸ ਸਮਾਗਮ ਦੀ ਸਮਾਪਤੀ ਹੋਈ ।
No comments:
Post a Comment