
E.K. Root's patent for improvements in revolving firearms (1855). The Mauser C78 uses the same principle for cylinder rotation.
ਕਹਾਣੀ ਇਕ ਰਿਵਾਲਵਰ ਦੀ
ਹਰਪਾਲ ਸਿੰਘ ਪੰਨੂ
ਬੀਤੇ ਸਮੇਂ ਦੀ ਕੋਈ ਕੋਈ ਘਟਨਾ ਅਜਿਹੀ ਹੁੰਦੀ ਹੈ ਜਿਹੜੀ ਕਦੇ ਤੁਹਾਡੇ ਕੋਲ ਆ ਕੇ ਛੇੜ ਛਾੜ ਕਰਦੀ ਹੈ, ਦਸਦੀ ਹੈ ਕਿ ਤੁਸੀਂ ਜਿਸ ਸਮੇਂ ਵਿਚ ਤੇ ਜਿਸ ਦੇਸ਼ ਵਿਚ ਰਹਿ ਰਹੇ ਹੋ ਉਥੇ ਦਾ ਮਾਹੌਲ ਇਹ ਹੈ ਕਿ ਸਾਵਧਾਨ ਰਹਿਣਾ ਪਵੇਗਾ। ਸਮਾਂ ਏਨਾ ਬੀਤ ਗਿਆ ਹੈ ਕਿ ਹੁਣ ਜੇ ਪਾਠਕਾਂ ਨੂੰ ਦੱਸ ਦਿਆਂ ਤਾਂ ਨਾਂ ਕਿਸੇ ਨੂੰ ਨਫਾ ਨਾਂ ਨੁਕਸਾਨ।
ਹੋਰ ਸੈਂਕੜੇ ਲੋਕਾਂ ਵਾਂਗ 1984, ਦਰਬਾਰ ਸਾਹਿਬ ਉਤੇ ਹਮਲੇ ਪਿਛੋਂ ਮੈਂ ਵੀ ਸੁਰੱਖਿਆ ਜੇਲ੍ਹ ਨਾਭਾ ਵਿਚ ਨਜ਼ਰਬੰਦ ਸਾਂ। ਸਾਰਿਆਂ ਨੂੰ ਸਾਰਿਆਂ ਉਪਰ ਚਲਦੇ ਕੇਸਾਂ ਦਾ ਪਤਾ ਸੀ। ਨਾਭਾ ਤਸੀਲ ਵਿਚ ਕੋਈ ਪਿੰਡ ਢੀਂਗੀ ਹੈ, ਜਿਥੋਂ ਦਾ 15-16 ਸਾਲਾਂ ਦਾ ਮਨਬੀਰ ਸਿੰਘ ਨਜਾਇਜ਼ ਹਥਿਆਰ ਰਖਣ ਦੇ ਦੋਸ਼ ਵਿਚ ਬੰਦ ਸੀ। ਮੈਂ ਉਸ ਨੂੰ ਉਸ ਦੇ ਮੁਕੱਦਮੇ ਬਾਰੇ ਪੁੱਛਿਆ।
ਉਸ ਨੇ ਦੱਸਿਆ ਕਿ ਸੁਖਵੰਤ ਨੂੰ ਪਤਾ ਲੱਗਾ, ਥੇੜੀ ਪਿੰਡ ਦੇ ਸਾਧ ਕੋਲ ਵਧੀਆ ਰਿਵਾਲਵਰ ਹੈ। ਉਹ ਦੋ ਮੁੰਡੇ ਹੋਰ ਨਾਲ ਲੈ ਕੇ ਸਾਧ ਦੇ ਡੇਰੇ ਚਲਾ ਗਿਆ ਤੇ ਸੰਦੂਕ ਦੀਆਂ ਚਾਬੀਆਂ ਮੰਗੀਆਂ। ਹਥਿਆਰਾਂ ਸਾਹਮਣੇ ਸਾਧ ਕੋਲ ਕੁੰਜੀਆਂ ਦੇਣ ਤੋਂ ਇਲਾਵਾ ਚਾਰਾ ਨਹੀਂ ਸੀ। ਸੰਦੂਕ ਖੋਲਿਆ ਤਾਂ ਰਿਵਾਲਵਰ ਦੇ ਨਾਲ ਇਕ ਗਜ਼ਬ ਦਾ ਮਾਊਜ਼ਰ ਪਿਆ ਵੀ ਮਿਲਿਆ। ਇਕ ਹੋਰ ਸਾਧ ਇਸ ਪਿੰਡ ਦੇ ਸਾਧ ਕੋਲ ਆਇਆ ਹੋਇਆ ਸੀ, ਇਹ ਉਸਦਾ ਹਥਿਆਰ ਸੀ। ਜਨਾਨੀ ਅਤੇ ਹਥਿਆਰ ਦਾ ਸਾਧ ਕੋਲ ਕੀ ਕੰਮ, ਇਸ ਬਾਰੇ ਗੱਲ ਕਰਾਂਗੇ ਕਦੀ ਫੇਰ। ਸ਼ਾਇਦ ਸਾਧ ਕੋਲ ਇਹ ਸੁਰੱਖਿਅਤ ਹਨ। ਦੁਨੀਆਂਦਾਰ ਤਾਂ ਇਸਤੇਮਾਲ ਕਰ ਲੈਂਦੇ ਹਨ।
ਤਿੰਨ ਜਣੇ ਇਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਮਾਊਜ਼ਰਾਂ ਤੇ ਬਾਕੀ ਆਪਣੇ ਹੋਰ ਹਥਿਆਰਾਂ ਸਣੇ ਚੱਲੇ। ਪਸਤੌਲ, ਰਿਵਾਲਵਰ ਤੇ ਮਾਊਜ਼ਰ ਵਿਚ ਕੀ ਫਰਕ ਹੈ ਅੱਜ ਤਕ ਪਤਾ ਨਹੀਂ। ਇਹ ਨਾਮ ਪਹਿਲੀ ਵਾਰੀ ਸੁਣੇ ਸਨ, ਸੋ ਗਲਤੀ ਦੀ ਖਿਮਾ। ਸੜਕ ਉਪਰ ਪੁਲੀਸ ਨਾਕਾ ਲਾਈ ਖੜ੍ਹੀ ਸੀ। ਮੋਟਰਸਾਈਕਲ ਉਪਰ ਦੂਹਰੀ ਸਵਾਰੀ ਤੇ ਪਾਬੰਦੀ ਸੀ ਪਰ ਜੇ ਤਿੰਨ ਜਣੇ ਚੜ੍ਹੇ ਹੁੰਦੇ ਤਾਂ ਪੁਲਸ ਹੋਰ ਪਾਸੇ ਝਾਕਣ ਲੱਗ ਜਾਂਦੀ ਸੀ। ਇਹ ਸ਼ਾਹਸਵਾਰ ਘਬਰਾ ਗਏ। ਮੋਟਰ ਸਾਈਕਲ ਸਟੈਂਡ ਤੇ ਲਾ ਕੇ ਪੁਲਸ ਕੋਲੋਂ ਦੀ ਪੈਦਲ ਲੰਘ ਗਏ। ਮੋਟਰ ਸਾਈਕਲ ਖੋਹਿਆ ਹੋਇਆ ਸੀ ਜੋ ਪੁਲਸ ਨੇ ਇਨ੍ਹਾਂ ਦੇ ਜਾਣ ਪਿਛੋਂ ਕਬਜ਼ੇ ਵਿਚ ਲੈ ਲਿਆ।
ਮਨਬੀਰ ਇਸ ਪਾਰਟੀ ਵਿਚ ਸ਼ਾਮਲ ਨਹੀਂ ਸੀ ਪਰ ਉਸਨੇ ਇਹ ਮਾਊਜ਼ਰ ਦੇਖ ਕੇ ਸੁਖਵੰਤ ਨੂੰ ਕਿਹਾਦੋ ਦਿਨ ਲਈ ਮੈਨੂੰ ਦੇ ਦਏਗਾ? ਸੁਖਵੰਤ ਨੇ ਥੱਪੜ ਦਿਖਾਇਆ ਤੇ ਕਿਹਾ- ਹੱਥ ਨਾ ਲਾਈਂ' ਇਹਨੂ। ਇਕੱਠੇ ਤਾਂ ਰਹਿੰਦੇ ਸਨ। ਇਕ ਦਿਨ ਮਨਬੀਰ ਨੇ ਮਾਊਜ਼ਰ ਬੋਝੇ ਵਿਚ ਪਾਇਆ ਅਤੇ ਆਪਣੇ ਨਾਲ ਇਕ ਹੋਰ ਦੋਸਤ ਨੂੰ ਲੈ ਕੇ ਰੇਲ ਗੱਡੀ ਵਿਚ ਚੜ੍ਹ ਕੇ ਅੰਬਾਲੇ ਵੱਲ ਤੁਰ ਪਏ।
ਮੈਂ ਉਸਨੂੰ ਪੁੱਛਿਆ - ਤੂੰ ਕੀ ਕਰਨਾ ਸੀ ਮਾਊਜ਼ਰ ਦਾ? ਉਸਨੇ ਰਿਸ਼ਤੇਦਾਰ ਰਹਿੰਦੇ ਸਨ। ਮੈਂ ਉਨ੍ਹਾਂ ਉਪਰ ਰੋਅਬ ਪਾਉਣਾ ਸੀ ਕਿ ਮੈਂ ਵੀ ਦੱਸ ਦਿਆਂ ਕਿ ਇਹ ਘਟਨਾ ਜਨਵਰੀ ਫਰਵਰੀ 1984 ਦੀ ਹੈ। ਕਿਹਾ - ਕੁੱਝ ਨਹੀਂ। ਉਧਰ ਸਾਡੇ ਕੁਝ ਆਮ ਮੁੰਡਾ ਨਹੀਂ ਹਾਂ। ਹਾਂ ਸੱਚ, ਇਹ ਵੀ ਦੱਸ ਦੀਆਂ ਕਿ ਇਹ ਘਟਨਾ ਜਨਵਰੀ ਫਰਵਰੀ 1984 ਦੀ ਹੈ।
ਗੱਡੀ ਖਾਲੀ ਵਾਂਗ ਸੀ ਤੇ ਇਹ ਜੁਆਨ ਲੇਟੇ ਪਏ ਸਨ। ਅੰਬਾਲੇ ਤੋਂ ਦੋ ਪੁਲਸ ਵਾਲੇ ਚੜ੍ਹੇ ਤੇ ਸਵਾਰੀਆਂ ਦੇ ਟਿਕਟ ਚੈਕ ਕਰਨ ਲੱਗੇ। ਬੇਸ਼ਕ ਇਨ੍ਹਾਂ ਨੂੰ ਟਿਕਟ ਚੈਕ ਕਰਨ ਦਾ ਹੱਕ ਨਹੀਂ ਸੀ ਪਰ ਕੋਈ ਸਾਮੀ ਫਸ ਜਾਂਦੀ ਹੈ ਤਾਂ ਪਕੌੜੇ ਖਾਧੇ ਜਾਂਦੇ ਹਨ। ਇਨ੍ਹਾਂ ਕੋਲ ਟਿਕਟ ਹੈ ਸੀ ਪਰ ਜੇਬਾਂ ਵਿਚੋਂ ਟਿਕਟ ਕੱਢਦਿਆਂ ਲਭਦਿਆਂ ਡੱਬ ਵਿਚ ਤੁੰਨਿਆਂ ਮਾਊਜ਼ਰ ਡਬੇ ਦੇ ਫਰਸ਼ ਤੇ ਡਿਗ ਪਿਆ ਜੋ ਫੌਂਟ ਸਿਪਾਹੀ ਨੇ ਚੁੱਕ ਲਿਆ। ਇਨ੍ਹਾਂ ਬੜੀਆਂ ਮਿੰਨਤਾਂ ਕੀਤੀਆਂ ਕਿ ਮਾਊਜ਼ਰ ਦੇ ਦਿਉ ਪਰ ਸਿਪਾਹੀ ਨਾ ਮੰਨਿਆ। ਮਨਬੀਰ ਨੇ ਕਿਹਾ- ਵੀਹ ਹਜਾਰ ਦੇ ਦਿੰਦਾ ਹਾਂ ਪਰ ਇਹ ਮੈਨੂੰ ਵਾਪਸ ਕਰ ਦੇਹ। ਨਾਲ ਦੇ ਸਿਪਾਹੀ ਨੇ ਕਾਬਜ਼ ਸਿਪਾਹੀ ਨੂੰ ਇਕ ਪਾਸੇ ਲਿਜਾ ਕੇ ਕਿਹਾ ਕਿ ਵੀਹ ਹਜ਼ਾਰ ਵਿਚ ਸੌਦਾ ਕੀ ਮਾੜਾ ਹੈ? ਪਰ ਸਿਪਾਹੀ ਨੇ ਕਿਹਾ - ਪਾਗਲ ਤੈਨੂੰ ਪਤਾ ਨਹੀਂ ਇਸ ਦੀ ਕੀਮਤ ਕਿੰਨੀ ਹੈ।
ਵਿਚੋਂ ਗੱਲ ਟੋਕ ਕੇ ਮੈਂ ਮਨਬੀਰ ਨੂੰ ਪੁੱਛਿਆ - ਜੇ ਉਹ ਹਾਂ ਕਰ ਦੇਂਦਾ ਤਾਂ ਤੇਰੇ ਕੋਲ ਉਸਨੂੰ ਦੇਣ ਵਾਸਤੇ ਵੀਹ ਹਜਾਰ ਰੁਪਈਏ ਹੈਗੇ ਸਨ? ਉਹ ਖੂਬ ਹੱਸਿਆ ਤੇ ਕਿਹਾ - ਪ੍ਰੋਫੈਸਰ ਸਾਹਿਬ, ਇਕ ਵਾਰ ਮੇਰੇ ਹੱਥ ਉਪਰ ਉਹ ਮਾਊਜ਼ਰ ਧਰ ਦਿੰਦਾ ਤਾਂ ਇਕ ਨੂੰ ਕਾਹਨੂੰ ਦੋਹਾਂ ਨੂੰ ਪੰਜਾਹ ਪੰਜਾਹ ਹਜਾਰ ਫੜਾ ਦੇਣੇ ਸਨ।
ਆਪ੍ਰੇਸ਼ਨ ਬਲੂਸਟਾਰ ਪਿਛੋਂ ਇਹ ਮੁੰਡੇ ਫੜੇ ਗਏ। ਤਫਤੀਸ਼ ਵਿਚ ਸਭ ਗੱਲ ਦੱਸ ਦਿੱਤੀ। ਦੱਸੇ ਗਏ ਸਮੇਂ ਅਤੇ ਤਰੀਕਾਂ ਦਾ ਵੇਰਵਾ ਮਿਲਾ ਕੇ ਦੋਵੇਂ ਸਿਪਾਹੀ ਫੜੇ ਗਏ। ਮਾਊਜ਼ਰ ਵਸੂਲ ਹੋ ਗਿਆ। ਜਿਸ ਪੁਲਸ ਇੰਸਪੈਕਟਰ ਨੇ ਮਾਊਜ਼ਰ ਵਸੂਲ ਕੀਤਾ ਉਹ ਇਸ ਨੂੰ ਦੇਖ ਕੇ ਦੰਗ ਰਹਿ ਗਿਆ। ਮਾਊਜ਼ਰ ਆਪਣੇ ਕੋਲ ਰੱਖ ਕੇ ਇਸ ਦੀ ਥਾਂ ਫਜੂਲ ਪਸਤੌਲ ਦੀ ਰਿਕਵਰੀ ਦਿਖਾ ਦਿਤੀ। ਉਨ੍ਹਾਂ ਦਿਨਾਂ ਵਿਚ ਫੌਜ ਵਲੋਂ ਇਕ ਕੈਪਟਨ ਮਹਿਰਾ ਤਫਤੀਸ਼ ਅਫ਼ਸਰ ਸੀ। ਮੈਂ ਉਸ ਦੀ ਸ਼ਕਲ ਨਹੀਂ ਦੇਖੀ ਕਿਉਂਕਿ ਦੋ ਮਹੀਨੇ ਅੱਖਾਂ ਉਪਰੋਂ ਕਪੜਾ ਨਹੀਂ ਖੋਲ੍ਹਿਆ ਗਿਆ ਸੀ। ਕੇਵਲ ਨਾਮ ਸੁਣਿਆ ਸੀ ਇਕ ਦੂਜੇ ਨਾਲ ਜਦੋਂ ਗੱਲਾਂ ਕਰਦੇ, ਉਦੋਂ।
1986 ਦੀ ਗੱਲ ਹੈ, ਮਨੁੱਖੀ ਅਧਿਕਾਰਾਂ ਦੇ ਰਖਵਾਲੇ ਸ. ਇੰਦਰਜੀਤ ਸਿੰਘ ਜੇਜੀ ਐਮ.ਐਲ.ਏ. ਚੁਣੇ ਗਏ ਸਨ। ਉਹ ਬੜੇ ਭਲੇ ਬੰਦੇ ਹਨ। ਮੈਂ ਰਾਜਿੰਦਰਾ ਹਸਪਤਾਲ ਚੁੰਗੀ ਲਾਗੇ ਬੱਸ ਫੜਨ ਲਈ ਖਲੋਤਾ ਸਾਂ ਤਾਂ ਨੇੜੇ ਆ ਕੇ ਕਾਰ ਰੁੱਕ ਗਈ। ਸ਼ੀਸ਼ਾ ਹੇਠਾਂ ਹੋਇਆ। ਜੇਜੀ ਸਾਹਿਬ ਬੋਲੇ ਪ੍ਰੋਫੈਸਰ ਸਾਹਬ ਕਿਧਰ ਚੱਲੇ? ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਕਿਹਾ - ਮਾਨਸਾ। ਉਹਨਾਂ ਕਿਹਾ - ਮੈਂ ਸੁਨਾਮ ਚੱਲਿਆਂ! ਆਉ ਉਥੇ ਤੱਕ ਇਕੱਠੇ ਚਲਦੇ ਹਾਂ! ਗੱਲਾਂ ਕਰਾਂਗੇ।
ਉਪਰਲੀ ਘਟਨਾ ਦਾ ਜ਼ਿਕਰ ਬਾਕੀ ਗੱਲਾਂ ਵਿਚ ਕਿਵੇਂ ਆ ਗਿਆ ਇਹ ਤਾਂ ਹੁਣ ਯਾਦ ਨਹੀਂ ਪਰ ਜੇਜੀ ਸਾਹਿਬ ਨੇ ਕਿਹਾ - ਇਸ ਇੰਸਪੈਕਟਰ ਨੂੰ ਕੈਪਟਨ ਮਹਿਰੇ ਨੇ ਲੰਮਾ ਪਾ ਲਿਆ ਤਾਂ ਕਿਤੇ ਜਾ ਕੇ ਉਸ ਤੋਂ ਮਾਊਜ਼ਰ ਹਾਸਲ ਹੋਇਆ। ਮਾਊਜ਼ਰ ਏਨਾ ਸੁਹਣਾ ਕਿ ਕਪਤਾਨ ਤਾ ਦਿਮਾਗ ਹਿੱਲ ਗਿਆ। ਉਸ ਨੇ ਕਬਜ਼ੇ ਵਿਚ ਉਹੀ ਇੰਸਪੈਕਟਰ ਵਾਲਾ ਰੱਖਿਆ ਪਿਸਤੌਲ ਰਹਿਣ ਦਿੱਤਾ ਤੇ ਮਾਊਜ਼ਰ ਖੁਦ ਲੈ ਗਿਆ। ਹੁਣ ਤਾਂ ਉਹ ਬ੍ਰਿਗੇਡੀਅਰ ਹੋਵੇਗਾ ਸ਼ਾਇਦ!
ਪੰਜਾਬ ਦੀ ਇਕ ਲੋਕ ਕਹਾਣੀ ਹੈ ਕਿ ਰਾਜੇ ਨੂੰ ਅਮਰ-ਫਲ ਮਿਲ ਗਿਆ। ਆਪਣੀ ਰਾਣੀ ਨੂੰ ਉਹ ਏਨਾ ਪਿਆਰ ਕਰਦਾ ਸੀ ਕਿ ਸੋਚਿਆ - ਰਾਣੀ ਖਾਏ ਤਾਂ ਚੰਗਾ ਹੈ। ਰਾਣੀ ਦਾ ਕੋਈ ਪ੍ਰੇਮੀ ਹੋਰ ਸੀ। ਉਸ ਨੇ ਆਪਣੇ ਪ੍ਰੇਮੀ ਨੂੰ ਖਾਣ ਲਈ ਦਿੱਤਾ। ਪ੍ਰੇਮੀਜਨ ਦੀ ਦੋਸਤੀ ਕਿਸੇ ਹੋਰ ਅਵਾਰਾ ਔਰਤ ਨਾਲ ਸੀ। ਪ੍ਰੇਮੀ ਨੇ ਉਸ ਨੂੰ ਖੁਸ਼ ਕਰਨ ਲਈ ਫਲ ਦੇ ਦਿੱਤਾ। ਇਸ ਔਰਤ ਨੇ ਸੋਚਿਆ - ਮੈਂ ਪਾਪਣ ਇਸ ਨੂੰ ਖਾ ਕੇ ਲੰਮਾ ਸਮਾਂ ਜਿਉਂਦੀ ਰਹੀ ਤਾਂ ਹੋਰ ਪਾਪ ਕਰਾਂਗੀ। ਸਾਡਾ ਰਾਜਾ ਕਿੰਨਾ ਚੰਗਾ ਹੈ। ਉਹ ਜਿਉਂਦਾ ਰਹਿਣਾ ਚਾਹੀਦਾ ਹੈ। ਇਹ ਫਲ ਰਾਜੇ ਪਾਸ ਦੁਬਾਰਾ ਪੁੱਜ ਗਿਆ।
ਥੇੜੀ ਵਾਲੇ ਸਾਧ ਕੋਲ ਉਕਤ ਮਾਊਜ਼ਰ ਪੁੱਜ ਗਿਆ ਹੈ ਕਿ ਨਹੀਂ ਇਸ ਦਾ ਆਪਾਂ ਨੂੰ ਕੋਈ ਇਲਮ ਨਹੀਂ। ਕੀ ਪਤਾ ਸਾਧ ਰੱਬ ਕੋਲ ਖਾਲੀ ਹੱਥ ਹੀ ਚਲਾ ਗਿਆ ਹੋਵੇ। ਰੱਬ ਨੂੰ ਖਾਲੀ ਹੱਥ ਮਿਲਣਾ ਠੀਕ ਨਹੀਂ ਹੁੰਦਾ, ਸਾਧਾਂ ਨੂੰ ਪਤਾ ਹੈ।
No comments:
Post a Comment