About

Friday, December 26, 2025

ਲਾਲੀ ਦੇ ਘਰ ਪੁੱਜਣ ਦੀ ਦਾਸਤਾਨ

Paul Klee, Birds Swooping Down and Arrows, 1919


    ਮੇਰਾ ਵੱਡਾ ਭਰਾ ਗੁਰਦਿਆਲ ਸਿੰਘ ਦਸਵੀਂ ਵਿਚੋਂ ਬਹੁਤ ਵਧੀਆਂ ਨੰਬਰ ਲੈ ਗਿਆ, ਮੈਰਿਟ ਵਿਚ ਆਇਆ, ਅੱਗੇ ਪੜ੍ਹਨ ਵਾਸਤੇ ਪੈਸੇ ਨਹੀਂ ਸਨ, ਸੋ ਏਅਰ ਫੋਰਸ ਵਿਚ ਸਿਪਾਹੀ ਭਰਤੀ ਹੋ ਗਿਆ। ਤਨਖਾਹ ਬਿਆਸੀ ਰੁਪਏ ਮਹੀਨਾ। ਇਹ 1958 ਦੀ ਗੱਲ ਹੈ ਜਦੋਂ ਉਹ ਮੈਨੂੰ ਪਹਿਲੀ ਜਮਾਤ ਵਿਚ ਦਾਖਲ ਕਰਵਾ ਕੇ ਚਲਾ ਗਿਆ। ਮੈਨੂੰ ਕਿਹਾ ਕਰਦਾ – ਜੇ ਦਸਵੀਂ ਵਿਚੋਂ ਮੇਰੇ ਨਾਲੋਂ ਵੱਧ ਨੰਬਰ ਲੈ ਗਿਆ, ਤੈਨੂੰ ਕਾਲਜ ਦਾਖਲ ਕਰਵਾ ਦਿਆਂਗਾ। ਮੈਂ ਖਰਾ ਰੱਟੇਬਾਜ਼ ਸਾਂ, ਹੁਣ ਵੀ ਹਾਂ। ਮੈਨੂੰ ਪੰਜਵੀਂ ਵਿਚ ਪਤਾ ਲੱਗ ਗਿਆ ਸੀ ਕਿ ਮੇਰਾ ਦਿਮਾਗ਼ ਦਰਮਿਆਨੇ ਦਰਜੇ ਦਾ ਹੈ, ਰੱਟੇ ਮਾਰ ਤੇ ਕੰਮ ਬਣਾ, ਨਹੀਂ ਫ਼ੇਲ੍ਹ ਹੋ ਜਾਏਂਗਾ। ਅੱਠਵੀਂ ਦੀ ਮੈਰਿਟ ਲਿਸਟ ਪੁੱਜੀ, ਮੇਰਾ ਅੱਠ ਰੁਪਏ ਮਹੀਨਾ ਵਜ਼ੀਫ਼ਾ ਲੱਗਾ, ਫ਼ੀਸ ਮਾਫ਼। ਦਸਵੀਂ ਦਾ ਨਤੀਜਾ ਨਿਕਲਿਆ ਤਾਂ ਭਰਾ ਤੋਂ ਕਿਤੇ ਵਧੀਕ ਨੰਬਰ। ਛੁੱਟੀ ਆਏ, ਮੈਂ ਖ਼ੁਸ਼ ਖੁਸ਼ ਨਤੀਜੇ ਦਾ ਕਾਰਡ ਦਿਖਾਇਆ। ਸ਼ਾਬਾਸ਼ ਮਿਲੀ ਤਾਂ ਮੈਂ ਕਿਹਾ – ਚਲੋ ਫਿਰ ਪਟਿਆਲੇ ਦਾਖਲ ਕਰਵਾਉ। ਉਹ ਹੱਸ ਪਿਆ, ਕਿਹਾ ਕਿੱਥੇ ਨੇ ਪੈਸੇ? ਤੈਨੂੰ ਏਅਰ ਫੋਰਸ ਵਿਚ ਸਿਪਾਹੀ ਭਰਤੀ ਕਰਵਾਉਣ ਆਇਆਂ। ਮੈਂ ਬੜਾ ਦੁਖੀ ਹੋਇਆ, ਗ਼ੁੱਸੇ ਨਾਲ ਕਿਹਾ – ਫੇਰ ਲਾਰਾ ਕਿਉਂ ਲਾਇਆ ਸੀ? ਉਹ ਹੱਸ ਪਿਆ – ਲਾਰੇ ਕਰ ਕੇ ਏਨੇ ਨੰਬਰ ਲੈ ਗਿਐ ਨਹੀਂ ਤੂੰ ਕਿੱਥੇ ਪੜ੍ਹਨਾ ਸੀ? ਮਾਰੇ ਗਏ। ਭਰਤੀ ਅੰਬਾਲੇ ਹੋਇਆ ਕਰਦੀ ਸੀ। ਸਰਟੀਫਿਕੇਟ ਚੁਕਵਾ ਕੇ ਪਿੰਡੋਂ ਅੰਬਾਲੇ ਦਾ ਰਾਹ ਫੜਿਆ। ਬੱਸ ਚਾਰ ਘੰਟੇ ਲੈ ਲਿਆ ਕਰਦੀ ਸੀ। ਮੈਂ ਬੈਠ ਗਿਆ – ਸੋਚਦਾ ਗਿਆ, ਭਰਾ ਨੇ ਪ੍ਰਾਈਵੇਟ ਅੰਗਰੇਜ਼ੀ ਦੀ ਐਮ.ਏ. ਕਰ ਲਈ ਹੈ ਮੈਂ ਕਿਹੜਾ ਪੜ੍ਹਨੋਂ ਹਟਣੈ? ਬਹੁਤ ਮਿਹਨਤ ਕਰਾਂਗਾ। ਲੜਾਈਆਂ ਲੱਗਣਗੀਆਂ ਤਾਂ ਪੂਰੀ ਬਹਾਦਰੀ ਨਾਲ ਲੜੂੰਗਾ। ਜੇ ਮਰ ਗਿਆ ਤਾਂ ਵੀ ਠੀਕ, ਇਹ ਜ਼ਿੰਦਗੀ ਕੀ ਜ਼ਿੰਦਗੀ ਹੋਈ? ਜੇ ਬਚ ਗਿਆ ਤਾਂ ਤਰੱਕੀ ਕਰਦਾ ਕਰਦਾ ਏਅਰ ਮਾਰਸ਼ਲ ਦੇ ਅਹੁਦੇ ਤੋਂ ਰਿਟਾਇਰ ਹੋਵਾਂਗਾ। ਏਅਰ ਮਾਰਸ਼ਲ ਮੈਂ ਪੰਦਰਾਂ ਮਿੰਟਾਂ ਦੇ ਅੰਦਰ ਅੰਦਰ ਬਣ ਗਿਆ, ਫਿਰ ਮੈਂ ਉਹ ਭਾਸ਼ਣ ਤਿਆਰ ਕਰਨ ਲੱਗ ਪਿਆ ਜਿਹੜਾ ਮੈਂ ਰਿਟਾਇਰਮੈਂਟ ਵੇਲੇ ਦੇਣਾ ਸੀ। ਉਦੋਂ ਤਾਂ ਫ਼ੁਰਸਤ ਨਹੀਂ ਹੋਣੀ, ਹੁਣ ਵਿਹਲਾ ਬੈਠਾ ਹਾਂ। ਮੈਂ ਪੂਰੀ ਸਪੀਚ ਤਿਆਰ ਕਰ ਕੇ ਜ਼ਬਾਨੀ ਯਾਦ ਕਰ ਲਈ, ਹੁਣ ਵੀ ਯਾਦ ਹੈ ਪਰ ਹੁਣ ਕੰਮ ਦੀ ਨਹੀਂ ਰਹੀ। ਹੁਣ ਪ੍ਰੋਫੈਸਰ ਰਿਟਾਇਰ ਹੋਵਾਂਗਾ, ਉਹ ਸਪੀਚ ਤਿਆਰ ਕਰਨੀ ਹੈ।

    ਅੰਗਰੇਜ਼ੀ ਅਤੇ ਗਣਿਤ ਦਾ ਟੈਸਟ ਲਿਆ। ਕੱਦ ਭਾਰ ਪਰਖੇ ਨਾਪੇ। ਸਭ ਠੀਕ। ਅਫ਼ਸਰ ਨੇ ਕਿਹਾ – ਫਿੱਟ ਹੈਂ। ਲਿਆ ਸਰਟੀਫਿਕੇਟ ਦਿਖਾ। ਮੈਂ ਮੇਜ਼ ਉੱਤੇ ਕਾਗ਼ਜ਼ ਰੱਖ ਦਿੱਤੇ। ਦੇਖੇ। ਅਫ਼ਸਰ ਬੋਲਿਆ – ਤੂੰ ਤਾਂ ਪੰਦਰਾਂ ਸਾਲਾਂ ਦਾ ਹੈਂ, ਸਤਾਰਾਂ ਸਾਲ ਹੋਣੀ ਚਾਹੀਦੀ ਐ ਉਮਰ। ਜਾਹ, ਦੋ ਸਾਲ ਬਾਦ ਆਈਂ। ਵੱਡੇ ਭਰਾ ਨੂੰ ਪੁੱਛਿਆ – ਹੁਣ ਕੀ ਕਰਾਂ? ਉਸ ਨੇ ਕਿਹਾ – ਦੋ ਸਾਲ ਬਾਪੂ ਨਾਲ ਖੇਤੀ ਕਰਾ, ਹੋਰ ਕੀ ਕਰਨੈ? ਮੈਂ ਬਥੇਰਾ ਕਿਹਾ ਕਿ ਫੇਰ ਤਾਂ ਮੈਂ ਇਹ ਵੀ ਭੁੱਲ ਜਾਊਂ ਜੋ ਹੁਣ ਪੜ੍ਹਿਆ ਹੈ? ਪਰ ਹੋਰ ਚਾਰਾ ਈ ਨੀਂ ਜਦੋਂ ਕੋਈ।


Paul Klee, In the Ream of Air, 1917

    ਮੈਂ ਦਿਲ ਨਹੀਂ ਛੱਡਿਆ। ਨਾਨਕਾ ਘਰ ਚੰਗਾ ਖਾਂਦਾ ਪੀਂਦਾ ਸੀ। ਵੱਡਾ ਮਾਮਾ ਅਨਪੜ੍ਹ ਸੀ, ਉਸ ਨੂੰ ਕੀ ਪਤਾ ਮੈਰਿਟ ਡਿਵੀਜ਼ਨਾਂ ਦਾ। ਉਹਨੂੰ ਇਹ ਪਤਾ ਸੀ ਕਿ ਵੱਡਾ ਭਾਣਜਾ ਬੜਾ ਪੜ੍ਹਾਕੂ ਹੈ। ਮੈਂ ਜਾ ਕੇ ਖਬਰ ਦਿੱਤੀ - ਮੇਰੇ ਉਹਦੇ ਤੋਂ ਸਵਾਏ ਨੰਬਰ ਆਏ ਨੇ। ਬੜੇ ਖੁਸ਼ ਹੋਏ। ਰਾਤੀਂ ਰੋਟੀ ਖਾਕੇ ਸੌਣ ਵਾਸਤੇ ਛੱਤ ਉੱਪਰ ਚੜ੍ਹੇ। ਮੈਂ ਹੌਲੀ ਦੇ ਕੇ ਗੱਲ ਤੋਰੀ ਕਿ ਕਾਲਜ ਵਿਚ ਪੜ੍ਹਨੈ, ਪਟਿਆਲੇ, ਪੈਸੇ ਦਿਉ। ਸਵੇਰੇ ਮਾਮੀ ਚਾਹ ਦੇਣ ਆਈ, ਖ਼ੁਸ਼ ਲੱਗੀ, ਕਹਿੰਦੀ – ਦੋਹਤੇ, ਤੇਰੇ ਵਾਸਤੇ ਪੈਸਿਆਂ ਦਾ ਇੰਤਜ਼ਾਮ ਕਰ ਦਿੱਤਾ। ਤੇਰਾ ਮਾਮਾ ਤੈਨੂੰ ਪਟਿਆਲੇ ਛੱਡਣ ਜਾਊਗਾ। ਤੇਰੇ ਵਾਸਤੇ ਖਾਣ-ਪੀਣ ਦਾ ਸਮਾਨ ਵੀ ਇੱਕ ਪੀਪੇ ਵਿਚ ਪਾ ਦਿੱਤਾ। ਦੂਜੇ ਪੀਪੇ ਵਿਚ ਕੁਝ ਕੱਪੜੇ ਰੱਖ ਦਿੱਤੇ। ਸਿਲਵਾ ਉੱਥੇ ਲਈਂ। ਨਾਲੇ ਇੱਕ ਗੱਲ ਹੋਰ। ਤੈਨੂੰ ਕਮਰੇ ਦਾ ਕਿਰਾਇਆ ਨੀ ਦੇਣਾ ਪਊ। ਉੱਥੇ ਫਤਿਹਗੜ੍ਹੀਏ ਸਰਦਾਰ ਦੀ ਕੋਠੀ ਐ, ਤੇਰੇ ਮਾਮੇ ਨੂੰ ਪਤੈ। ਉਹ ਤੈਨੂੰ ਇੱਕ ਕਮਰਾ ਦੇ ਦੇਣਗੇ। ਸਰਦਾਰ ਦਾ ਇੱਕ ਮੁੰਡਾ ਹੈ ਲਾਲੀ, ਬੜਾ ਪੜ੍ਹਾਕੂ ਦਸੀਂਦੈ। ਮੇਮਾਂ ਨਾਲ ਫਰਲ ਫਰਲ ਅੰਗਰੇਜ਼ੀ ਬੋਲਦਾ ਤਾਂ ਮੈਂ ਵੀ ਦੇਖਿਐ। ਕੀ ਪਤਾ ਉਹਨੂੰ ਦੇਖ ਕੇ ਤੂੰ ਵੀ ਚੰਗਾ ਪੜ੍ਹਾਕੂ ਹੋ ਜਾਵੇ ? ਦੋਵੇਂ ਜਣੇ ਇੱਕ ਇੱਕ ਪੀਪਾ ਚੁੱਕ ਕੇ ਅਸੀਂ ਚੀਕੇ ਤੋਂ ਪਟਿਆਲੇ ਜਾਣ ਵਾਲੀ ਬੱਸ ਤੇ ਸਵਾਰ ਹੋ ਗਏ। ਪਹੁੰਚ ਗਏ ਲਾਲੀ ਦੇ ਘਰ। ਸਰਦਾਰ ਦਾ ਨਾਮ ਸੀ ਗੁਰਨਾਮ ਸਿੰਘ। ਮਾਮਾ ਉਸ ਨੂੰ ਚਾਚਾ ਕਹਿਕੇ ਬੁਲਾਉਂਦਾ ਸੀ। ਸੋ ਮੈਂ ਨਾਨਾ ਜੀ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਕੰਮ ਦੱਸਿਆ ਤਾਂ ਕੋਠੀ ਦੇ ਬਾਹਰ ਤਬੇਲੇ ਵੱਲ ਉਂਗਲ ਕਰ ਕੇ ਕਿਹਾ – ਆਹ ਮੰਜੀ ਚੱਕ, ਉੱਥੇ ਧਰ ਲੈ। ਨੌਕਰ ਚਾਕਰ ਨਹੀਂ ਇੱਥੇ ਕੋਈ। ਸਾਫ਼ ਸੂਫ਼ ਕਰ ਕੇ ਡੇਰਾ ਜਮਾ ਲੈ। ਮਾਮੇ ਨੂੰ ਗੱਲ ਜਚੀ ਨਾ, ਕਿਹਾ – ਚਾਚਾ ਇਹ ਕਮਰੇ ਬੰਦ ਪਏ ਰਹਿੰਦੇ ਨੇ, ਇਨ੍ਹਾਂ ਚੋਂ ਦੇ ਦੇਹ ਇੱਕ ਕਮਰਾ ਭਾਣਜੇ ਨੂੰ? ਸਰਦਾਰ ਨੇ ਕਿਹਾ – ਲਾਲੀ ਵਿਆਹਿਆ ਗਿਐ। ਹੁਣ ਤਾਂ ਇੱਥੇ ਆਉਣ ਵੇਲੇ ਮੈਂ ਵੀ ਦੁਚਿੱਤੀ ਵਿਚ ਹੁੰਦਾ। ਇੱਥੇ ਮੈਨੂੰ ਈ ਨਾ ਕਿਤੇ ਰਹਿਣ ਤੋਂ ਇਨਕਾਰ ਮਿਲ ਜਾਵੇ। ਨਵੇਂ ਜ਼ਮਾਨੇ ਦਾ ਤੈਨੂੰ ਪਤਾ ਨੀ ਰਾਮ ਸਿਆਂ। ਮੈਂ ਹੌਸਲਾ ਕਰ ਕੇ ਇੱਕ ਆਗਿਆ ਹੋਰ ਮੰਗੀ – ਨਾਨਾ ਜੀ ਮੈਨੂੰ ਪਤਾ ਲੱਗੈ ਇਹ ਹਵੇਲੀ ਬੰਦ ਪਈ ਰਹਿੰਦੀ ਐ। ਮੇਰਾ ਕੱਲੇ ਦਾ ਜੀਅ ਨੀਂ ਲੱਗਣਾ। ਪਿੰਡੋਂ ਆਪਣੇ ਇੱਕ ਦੋਸਤ ਨੂੰ ਲੈ ਆਵਾਂ ? ਤੁਸੀਂ ਇਹ ਸਮਝ ਲਇਓ ਕਿ ਰਖਵਾਲੀ ਵਾਸਤੇ ਇੱਕ ਦੀ ਥਾਂ ਦੋ ਪਹਿਰੇਦਾਰ ਮਿਲ ਗਏ, ਮੁਫ਼ਤ ਦੋ। ਉਹ ਹੱਸ ਪਿਆ, ਕਿਹਾ – ਕਾਕਾ ਜੇ ਕੋਈ ਮੁੰਡਾ ਪੜ੍ਹਾਕੂ ਹੈ ਬੇਸ਼ੱਕ ਲੈ ਆ। ਸਾਊ ਬਣ ਕੇ ਰਹਿਣਾ ਪੈਣੇ।



Paul Klee, Up and Away (Sailflight), 1932


    ਅਸੀਂ ਤਿੰਨੇ ਪੈਦਲ ਪਟਿਆਲਾ ਬੱਸ ਸਟੈਂਡ ਪੁੱਜੇ। ਸਰਦਾਰ ਆਪਣੇ ਪਿੰਡ ਫ਼ਤਿਹਗੜ੍ਹ, ਲਹਿਰੇਗਾਗੇ ਦੇ ਨੇੜੇ ਸੰਗਰੂਰ ਜ਼ਿਲ੍ਹੇ ਵੱਲ ਤੇ ਮਾਮਾ ਆਪਣੇ ਪਿੰਡ ਦੀ ਬੱਸ ਚੜ੍ਹ ਗਏ। ਮੈਂ ਆਪਣੇ ਪਿੰਡ ਆ ਗਿਆ। ਮਿਸਤਰੀਆਂ ਦਾ ਮੁੰਡਾ ਅਜੀਤ ਮੇਰਾ ਸਕੂਲ ਦਾ ਜੋਟੀਦਾਰ ਸੀ। ਅਸੀਂ ਇਕੱਠਿਆਂ ਦਸਵੀਂ ਕੀਤੀ। ਪੜ੍ਹਨ ਵਿਚ ਮੇਰੇ ਤੋਂ ਪਿੱਛੇ ਸੀ। ਬਾਪੂ ਨਾਲ ਸ਼ਾਹ ਦੇ ਆਰੇ ਉੱਪਰ ਕੰਮ ਕਰਨ ਲੱਗ ਪਿਆ ਸੀ। ਹੌਲੀ ਦੇ ਕੇ ਇੱਕ ਪਾਸੇ ਲਿਜਾਕੇ ਗੱਲ ਦੱਸੀ ਕਿ ਮੁਫ਼ਤ ਰਹਿਣ ਵਾਸਤੇ ਛੱਤ ਮਿਲ ਗਈ, ਚੱਲ ਦਾਖਲ ਹੋਈਏ। ਉਹਨੇ ਕਿਹਾ – ਆਹ ਸਾਈਕਲ ਚੁੱਕ, ਮੇਰੇ ਪਿੰਡ ਅਤਾਲਾਂ ਜਾਹ, ਮਾਂ ਨਾਲ ਗੱਲ ਕਰ। ਇੱਥੋਂ ਹੁਣ ਫੁੱਟ, ਬਾਪੂ ਸਮਝ ਰਿਹੈ ਤੂੰ ਕੰਮ ਵਿਚ ਵਿਘਨ ਪਾਉਣ ਆਇਆ, ਗੱਲਾਂ ਮਾਰਨ।

    ਮੈਂ ਪਿੰਡ ਗਿਆ, ਮਾਂ ਨੇ ਤਾਂ ਮੰਨ ਈ ਜਾਣਾ ਸੀ, ਕਹਿਣ ਲੱਗੀ  ਭਾਪੇ ਅੱਗੇ ਮਿੰਨਤ ਤਰਲਾ ਕਰ ਦੇਖਾਂਗੀ, ਉਮੀਦ ਘੱਟ ਈ ਐ, ਪਰ ਦੇਖਦੇ ਆਂ ਕੀ ਬਣਦੈ। ਕੱਲ੍ਹ ਨੂੰ ਅਜੀਤ ਤੈਨੂੰ ਦੱਸ ਦਏਗਾ। ਮੈਂ ਕਿਹਾ  ਇੱਕ ਵਾਰ ਦੀ ਫ਼ੀਸ ਭਰ ਦਿਉ, ਛੇ ਮਹੀਨੇ ਦੀ ਫ਼ੀਸ 83 ਰੁਪਏ ਹੈ। ਫੇਰ ਅਸੀਂ ਮਾਫ਼ ਕਰਵਾਲਾਂਗੇ, ਨਾਲੇ ਟਿਊਸ਼ਨਾਂ ਕਰਿਆ ਕਰਾਂਗੇ। ਖ਼ੁਸ਼ ਅਜੀਤ ਨੇ ਅਗਲੇ ਦਿਨ ਖ਼ਬਰ ਦਿੱਤੀ ਕਿ ਚੱਲਾਂਗੇ। ਮੁਸ਼ਕਲ ਬੜੀ ਆਈ, ਪਰ ਆਖਰ ਬਾਪੂ ਨੂੰ ਮਨਾ ਈ ਲਿਆ। ਉਹ ਇਹੀ ਆਖੀ ਜਾਂਦਾ ਸੀ – ਮੈਨੂੰ ਇੱਕ ਸਹਾਰਾ ਮਿਲਿਆ ਸੀ ਹੱਥ ਵਟਾਉਣ ਵਾਲਾ, ਹੁਣ ਇਹ ਵੀ ਚੱਲਿਐ।

ਬੱਸ ਫੜੀ ਤੇ ਆ ਉੱਤਰੇ ਰਾਜਿੰਦਰਾ ਹਸਪਤਾਲ ਦੀ ਚੁੰਗੀ ਉੱਪਰ। ਰਿਕਸ਼ੇ ਵਾਲੇ ਨੂੰ ਬਹੇੜਾ ਰੋਡ ਜਾਣ ਲਈ ਕਿਹਾ, ਉਸ ਨੇ ਬਾਰਾਂ ਆਨੇ ਮੰਗੇ। ਅਜੀਤ ਨੇ ਕਿਹਾ – ਚਲਾ ਮੈਂ ਲੈਨਾ, ਤੂੰ ਪਿੱਛੇ ਬੈਠ, ਅੱਠ ਆਨੇ ਦਿਆਂਗੇ। ਰਿਕਸ਼ੇ ਵਾਲਾ ਹੱਸ ਪਿਆ, ਕਿਹਾ – ਰਿਕਸ਼ਾ ਚਲਾਉਣਾ ਖੇਡ ਨਈਂ। ਪਰ ਚਲੋ ਅਠੱਨੀ ਓ ਸਹੀ। ਅਸੀਂ ਆਪਣੇ ਸੁਫ਼ਨਿਆਂ ਦੇ ਦੇਸ ਵਿਚ ਪੁੱਜ ਗਏ। ਉਹ ਦੂਜੀ ਵਾਰੀ ਪਿੰਡੋਂ ਆਪਣਾ ਸਾਈਕਲ ਲੈ ਆਇਆ, ਦੋਹਾਂ ਕੋਲ ਇੱਕੋ ਸਾਈਕਲ ਸੀ। ਮੈਂ ਮੈਡੀਕਲ ਵਿਚ ਦਾਖਲ ਹੋ ਗਿਆ ਅਜੀਤ ਆਰਟਸ ਵਿਚ। ਪਹਿਲੀ ਵਾਰ ਮਹਿੰਦਰਾ ਕਾਲਜ ਦੇਖਿਆ ਤਾਂ ਲੱਗਾ, ਇੱਥੇ ਦਾਖਲ ਹੋਣ ਵਾਲਾ ਮਹਾਨ ਹੁੰਦਾ ਹੈ ਭਾਵੇਂ ਜੇਬ ਵਿਚ ਦੁਆਨੀ ਨਾ ਹੋਵੇ।

Paul Klee, In Angel's Care, 1931


    ਲਾਲੀ ਦਾ ਸਹੁਰਾ ਘਰ ਪਟਿਆਲਾ ਹੀ ਸੀ। ਆਪਣੀ ਪਤਨੀ ਨਾਲ ਤਾਂ ਬਹੇੜਾ ਰੋਡ ਘੱਟ ਈ ਆਉਂਦਾ, ਦੋਸਤਾਂ ਦੇ ਕਾਫ਼ਲੇ ਹੀ ਬਹੁਤੀ ਵਾਰ ਦਿਖਾਈ ਦਿੰਦੇ। ਸਰਦਾਰ ਪਿੰਡ ਰਹਿੰਦਾ, ਕਦੀ ਕਦਾਈਂ ਮਹੀਨੇ ਦੋ ਮਹੀਨੇ ਬਾਦ ਦੋ ਚਾਰ ਦਿਨ ਰਹਿ ਕੇ ਵਾਪਸ ਪਰਤ ਜਾਂਦਾ। ਪਟਿਆਲੇ ਦੇ ਨੇੜੇ ਨਾਭਾ ਰੋਡ ਉੱਤੇ ਛੇ ਏਕੜ ਜ਼ਮੀਨ ਸੀ। ਲੈਂਡ ਸੀਲਿੰਗ ਐਕਟ ਤੋਂ ਪਹਿਲਾਂ ਸਾਰਾ ਪਿੰਡ ਫ਼ਤਿਹਗੜ੍ਹ ਉਸੇ ਦਾ ਸੀ ਪਰ ਸੀਲਿੰਗ ਪਿੱਛੋਂ ਵੀ ਘੱਟ ਕੀਮਤ ਪੁਆ ਕੇ 200 ਏਕੜ ਬਚਾ ਲਏ ਸਨ। ਪਿੰਡ ਦੀ ਹਵੇਲੀ ਇੱਕ ਕਿਲ੍ਹਾ ਸੀ, ਉੱਚੇ ਥਾਂ ਉੱਪਰ ਉੱਸਰਿਆ ਕਿਲ੍ਹਾ। ਅਸੀਂ ਪਟਿਆਲੇ ਆਪ ਰੋਟੀ ਪਕਾਉਂਦੇ। ਦਾਲ ਜਾਂ ਸਬਜ਼ੀ, ਜੋ ਸਵੇਰੇ ਖਾ ਕੇ ਜਾਂਦੇ, ਉਹੀ ਸ਼ਾਮ ਨੂੰ। ਦਿਨ ਇਸੇ ਤਰ੍ਹਾਂ ਬੀਤਦਾ। ਇਸ ਤਬੇਲੇ ਦੀ ਖੁਰਲੀ ਵਿਚ ਅਸੀਂ ਮਿੱਟੀ ਪਾ ਦਿੱਤੀ। ਉੱਪਰ ਇੱਕ ਤਹਿ ਇੱਟਾਂ ਦੀ ਵਿਛਾ ਕੇ, ਅਖਬਾਰਾਂ ਨਾਲ ਢੱਕ ਦਿੱਤੀ। ਇਹੀ ਸਾਡਾ ਕੁਕਿੰਗ ਰੇਂਜ, ਇਹੀ ਡਾਇਨਿੰਗ ਟੇਬਲ। ਇੱਕ ਸਟੋਵ, ਚਾਰ ਕੌਲੀਆਂ, ਚਾਰ ਗਲਾਸ, ਅਜੀਤ ਹੱਸਦਾ ਗਿਆ। ਮੱਝਾਂ ਅਤੇ ਬੰਦਿਆਂ ਦਾ ਡਾਇਨਿੰਗ ਟੇਬਲ ਇੱਕੋ। ਆਰਥਕ ਬਰਾਬਰੀ।  ਸਮਾਜਵਾਦ ਆ ਗਿਆ। ਮੱਝਾਂ ਅਤੇ ਬੰਦਿਆਂ ਦਾ ਡਾਇਨਿੰਗ ਟੇਬਲ ਇੱਕੋ। ਆਰਥਕ ਬਰਾਬਰੀ। 

– "ਲਾਲੀ: ਕਥਾ ਪ੍ਰਸੰਗ ਦੇ ਅਰਥ ਪਾਸਾਰ," 
ਹਰਪਾਲ ਸਿੰਘ ਪੰਨੂੰ 

(ਕਾਵਿ-ਸ਼ਾਸਤਰ ਦਾ ਇਹ "ਭੂਤਵਾੜਾ ਸਪੈਸ਼ਲ" ਅੰਕ [ਨੰਬਰ 10, ਜਨਵਰੀ-ਮਾਰਚ 2018] ਮੈਨੂੰ ਵਿਸ਼ਵ ਭਾਰਤੀ ਨੇ ਚੰਡੀਗੜ੍ਹ 'ਚ ਪੜ੍ਹਨ ਲਈ ਦਿੱਤਾ ਸੀ।)   


No comments:

Post a Comment