Devinder, "The Secret of the Pen": A Meeting with Amrita Pritam (Navyug, 1964)
ਅੰਮ੍ਰਿਤਾ-ਸੰਬੋਧਨ : ਇਕ ਟਿੱਪਣੀ
ਅੰਮ੍ਰਿਤਾ-ਕਾਵਿ ਦਾ ਰੂਪਾਕਾਰ ਆਮ ਤੌਰ ਤੇ ਰਲਗਡ ਹੁੰਦਾ ਹੈ ਕਿਉਂਕਿ ਉਸ ਦੇ ਸੰਬੋਧਨ ਵਿਚ ਘਚੋਲਾ ਵਾਪਰਿਆ ਰਹਿੰਦਾ ਹੈ। ਕਾਵਿ-ਬਿੰਬ ਦੀ ਇਕਾਗਰਤਾ ਦਾ ਮੁਢਲਾ ਨਿਰਣਾ ਉਸ ਦੇ ਸੰਬੋਧਨ ਨੇ ਹੀ ਕਰਨਾ ਹੁੰਦਾ ਹੈ। ਅੰਮ੍ਰਿਤਾ-ਕਵਿਤਾ ਕਦੇ ਆਪਣੇ ਪ੍ਰਾਤਾਂ ਅਤੇ ਕਦੇ ਸਰੋਤਿਆਂ ਨੂੰ ਸੰਬੋਧਿਤ ਹੋਣ ਦਾ ਜਤਨ ਕਰਦੀ ਹੈ ਤੇ ਇਸੇ ਲਈ ਉਸ ਦੇ ਬੋਲਾਂ ਵਿਚ ਇਕਾਗਰਤਾ ਨਹੀਂ ਰਹਿੰਦੀ। ਉਦਾਹਰਣ ਵਜੋਂ ਉਸ ਦੀ ਪ੍ਰਸਿੱਧ ਕਵਿਤਾ "ਅਜ ਆਖਾਂ ਵਾਰਿਸ ਸ਼ਾਹ" ਨੂੰ ਲਵੋ। ਉਸ ਦੇ ਮੁਢ ਵਿਚ ਹੀ ਸੰਬੋਧਨ ਦਾ ਤਾਣਾ-ਪੇਟਾ ਕੁਝ ਇਸ ਤਰ੍ਹਾਂ ਉਲਝਿਆ ਪਿਆ ਹੈ:
ਕਵਿਤ੍ਰੀ ਪਾਠਕ ਨੂੰ ਦਸਦੀ ਹੈ ਕਿ
ਕਵਿਤ੍ਰੀ ਵਾਰਿਸ ਨੂੰ ਆਖਦੀ ਹੈ ਕਿ
ਲੱਖਾਂ ਧੀਆਂ ਵਾਰਸ ਨੂੰ ਕਹਿੰਦੀਆਂ ਹਨ
ਇਸ ਦੇ ਬਾਦ ਜੋ ਕੁਝ ਵੀ ਕਿਹਾ ਗਿਆ ਹੈ ਉਹ ਪਾਠਕਾਂ ਅਤੇ ਵਾਰਸ ਨੂੰ ਇਕੋ ਜਿੰਨਾ ਸੰਬੋਧਿਤ ਹੈ, ਉਸ ਵਿਚ ਕਿਸੇ ਅਨੁਭਵੀ ਦਾ ਵਿਅਕਤੀਗਤ ਵਿਲੱਖਣ ਸੁਰ ਨਹੀਂ ਕਿਉਂਕਿ ਉਹ ਜਿੰਨਾ ਕੁ ਕਵਿਤ੍ਰੀ ਵੱਲੋਂ ਉਚਾਰਿਆ ਗਿਆ ਹੈ, ਓਨਾ ਕੁ ਲੱਖਾਂ ਧੀਆਂ ਵੱਲੋਂ ਹੈ। ਏਸ ਉਚਾਰ ਵਿਚ ਧੀਆਂ ਦੀ ਵਿਲੱਖਣ ਸਥਿਤੀ ਦਾ ਚਿਤਰ ਨਹੀਂ ਮਿਲਦਾ। ਇਹ ਉਚਾਰ ਜਿੰਨਾ ਕੁ ਕਿਸੇ ਕੁੜੀ ਵਲੋਂ ਹੈ, ਓਨਾ ਕੁ ਹੀ ਕਿਸੇ ਮਰਦ–ਕਿਸੇ ਵੀ ਉਮਰ ਦੇ ਮਰਦ—ਵਲੋਂ ਹੋ ਸਕਦਾ ਹੈ :
ਵੇ ਦਰਦਮੰਦਾਂ ਦਿਆ ਦਰਦੀਆ ! ਉਠ ਤਕ ਆਪਣਾ ਪੰਜਾਬ
ਅਜ ਬੇਲੇ ਲਾਸ਼ਾਂ ਵਿਛੀਆਂ, ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ, ਵਿਚ ਦਿਤੀ ਜ਼ਹਿਰ ਰਲਾ
ਤੇ ਉਨ੍ਹਾਂ ਪਾਣੀਆਂ ਧਰਤ ਨੂੰ, ਦਿਤਾ ਪਾਣੀ ਲਾ
ਇਸ ਜ਼ਰਖੇਜ਼ ਜ਼ਮੀਨ ਦੇ, ਲੂੰ ਲੂੰ ਫੁਟਿਆ ਜ਼ਹਿਰ
ਗਿਠ ਗਿਠ ਚੜ੍ਹੀਆਂ ਲਾਲੀਆਂ, ਫੁੱਟ ਫੁੱਟ ਚੜ੍ਹਿਆ ਕਹਿਰ।
ਉਪਰੋਕਤ ਵੈਣ ਦੀ ਸਮਗ੍ਰੀ ਨਿਸ਼ਚਿਤ ਹੈ ਪਰ ਦਿਸ਼ਾ ਸਪਸ਼ਟ ਨਹੀਂ, ਕਿਉਂਕਿ ਬਿੰਬ ਦੀ ਮੂਲ ਸ਼ਰਤ—ਕੌਣ ਕਿਸਨੂੰ ਸੰਬੋਧਿਤ ਹੈ ?—ਦਾ ਨਿਭਾਉ ਨਹੀਂ ਕੀਤਾ ਗਿਆ।
. . .
ਸੰਬੋਧਨ ਸਪਸ਼ਟ ਨਾ ਹੋਣ ਕਾਰਣ ਕਵਿਤਾ ਦਾ ਸਮਾਂ, ਸਥਾਨ ਅਤੇ ਸਥਿਤੀ ਕਦੇ ਵੀ ਨਿਸ਼ਚਿਤ ਨਹੀਂ ਹੁੰਦੇ। ਉਹਦੇ ਵਿਚ ਨਿਸ਼ਚਿਤ ਹੁੰਦੀ ਹੈ ਸਿਰਫ ਮਾਨਸਿਕਤਾ, ਵਾਸਤਵਿਕ ਵੇਰਵੇ ਅੰਨ੍ਹੇ ਸਮੇਂ-ਸਥਾਨ ਵਿਚ ਲਟਕੇ ਰਹਿੰਦੇ ਹਨ। ਵਾਸਤਵਿਕਤਾ ਉਪਰ ਪਕੜ ਢਿੱਲੀ ਹੋਣ ਕਰ ਕੇ ਕਈ ਵਾਰ ਮਾਨਸਿਕਤਾ ਦਾ ਇਕ ਵੇਰਵਾ ਦੂਜੇ ਨੂੰ ਰਦ ਕਰ ਜਾਂਦਾ ਹੈ। ਇਕ ਅੰਮ੍ਰਿਤਾ-ਗੀਤ ਦਾ ਆਰੰਭ ਇਉਂ ਹੁੰਦਾ ਹੈ :
ਚੰਨਾਂ ਤਾਰਿਆਂ ਦੀ ਰਾਤ ਸਾਨੂੰ ਮਿਲੀ ਜਾਣਾ ਹੋ
ਸਾਂਝੀ ਧਰਤੀ ਦੇ ਗੀਤ, ਸਾਂਝੇ ਪਾਣੀਆਂ ਦੀ ਪ੍ਰੀਤ,
ਹੀਰ-ਰਾਂਝੇ ਦੀ ਸਹੁੰ-ਲਾਜ ਰਖਣੀ ਜੇ ਉਹ
ਸਾਨੂੰ ਮਿਲੀ ਜਾਣਾ ਹੋ
ਪਰ ਰਤਾ ਕੁ ਵਿਥ ਉਪਰ ਚੰਨ ਤਾਰਿਆਂ ਦੀ ਰਾਤ ਦਾ ਨਿਸ਼ਚਿਤ ਸਮਾਂ ਗ਼ਾਇਬ ਹੋ ਜਾਂਦਾ ਹੈ। ਪਹਿਲਾਂ ਹੀਰ ਜਾਂ ਰਾਂਝੇ ਵਰਗੇ ਬੰਦੇ ਜਾਂ ਬੰਦਿਆਂ ਨੂੰ ਸੰਬੋਧਨ ਸੀ। ਹੁਣ ਨਾ ਉਹ ਬੰਦੇ ਨਾ ਸੰਬੋਧਨ-ਸੁਰ। ਅੰਨ੍ਹੇ ਸਮੇਂ-ਸਥਾਨ ਵਿਚ ਅੰਨ੍ਹੇ ਸੰਬੋਧਨ ਰਾਹੀਂ ਉਚਾਰ ਇਉਂ ਪੇਸ਼ ਹੁੰਦਾ ਹੈ :
ਟੁੱਟਣ ਦੇਸਾਂ ਦੇ ਤਾਰ, ਟੁੱਟਣ ਕੌਮਾਂ ਦੇ ਹਾਰ
ਪਾਟੇ ਧਰਤੀ ਦੀ ਲੀਰ, ਉਡਣ ਕਣਕਾਂ ਦੇ ਤੋਹ
ਸਾਨੂੰ ਮਿਲੀ ਜਾਣਾ ਹੋ
ਧਰਤੀ/ਦੇਸ ਸਾਂਝੇ/ਟੁੱਟਣ ਆਦਿ ਜੁੱਟਾਂ ਰਾਹੀਂ ਇਸ ਦਾ ਇਕ ਅਰਥ ਬਣ ਤਾਂ ਜਾਂਦਾ ਹੈ, ਪਰ ਕਾਵਿ-ਬਿੰਬ ਇਕਾਗਰਤਾ ਰਾਹੀਂ ਸਮੇਂ-ਸਥਾਨ-ਸਥਿਤੀ ਦਾ ਜੋ ਸੰਜੁਗਤ ਅਤੇ ਵਿਲੱਖਣ ਉਚਾਰ ਸਿਰਜਦਾ ਹੈ, ਉਸ ਦੀ ਭਾਲ ਏਥੇ ਬਿਰਥਾ ਹੈ। ਇਸ ਤਰ੍ਹਾਂ ਦੀ ਖਿੰਡਰੀ ਬਿਰਤੀ ਦੇ ਨਮੂਨੇ ਅੰਮ੍ਰਿਤਾ-ਕਾਵਿ ਵਿਚ ਬੇਸ਼ੁਮਾਰ ਹਨ। ਹੇਠਾਂ ਇਕ ਗੀਤ ਨਮੂਨੇ ਵਜੋਂ ਪੇਸ਼ ਹੈ ਜਿਸ ਵਿਚ ਭਾਸ਼ਾ-ਜੁਗਤਾਂ ਦਾ ਵਿਸਤਾਰ ਹੈ, ਪਰ ਗੀਤ ਆਪਣੀ ਥਾਂ ਤੇ ਖਲੋਤਾ ਹੈ। ਇਸ ਖੜੋਤ ਦਾ ਮੂਲ ਕਾਰਣ ਅੰਨ੍ਹਾਂ ਸੰਬੋਧਨ ਹੈ। ਉਚਾਰ 'ਤੁਸੀਂ ਨੂੰ ਸੰਬਧਿਤ ਹੈ, ਤੁਸੀਂ ਇਕ ਮਾਨਸਿਕ ਦਸ਼ਾ ਹੈ, ਵਾਸਤਵਿਕ ਵੇਰਵੇ ਤੋਂ ਵਿਰਵੀ। ਪ੍ਰਗੀਤ ਵਿਚ 'ਤੁਸੀਂ ਨੂੰ ਤਾਰੇ, ਬੱਦਲ, ਫੁੱਲ, ਪੌਣ, ਚੰਨ ਆਦਿ ਅਨੇਕ ਉਪਮਾਨਾਂ ਰਾਹੀਂ ਪਕਾਇਆ ਗਿਆ ਹੈ, ਪਰ ਅਨੇਕ ਉਪਮਾਨ ਮਿਲ ਕੇ ਇਕ ਮੁਹਾਂਦਰਾ ਨਿਸ਼ਚਿਤ ਨਹੀਂ ਕਰ ਸਕੇ। ਅੰਮ੍ਰਿਤਾ-ਉਪਮਾਨ ਵਸਤੂ ਹੁੰਦੇ ਹੋਏ ਵੀ ਵਾਸਤਵਿਕਤਾ ਤੋਂ ਵਿਰਵੇ ਹਨ। ਪੂਰਾ ਪ੍ਰਗੀਤ ਉਦਾਹਰਣ ਵਜੋਂ ਪੇਸ਼ ਹੈ :
ਤੁਸੀਂ ਜੁਗ ਜੁਗ ਜੀਵੇ ਤਾਰਿਓ ! ਪਰ ਅਸਾਂ ਹਨੇਰੇ ਘੋਰ,
ਤੁਸੀਂ ਜਮ ਜਮ ਵੱਸੋ ਬੱਦਲੋ ! ਪਰ ਸਾਨੂੰ ਪਿਆਸਾਂ ਹੋਰ।
ਤੁਸੀਂ ਹੱਸੋ ਫੁਲ ਗੁਲਾਬ ਦੇ ! ਸਾਡੇ ਬੋਲ ਵਿਲਕਦੇ ਜਾਣ
ਤੁਸੀਂ ਪੌਣਾਂ ਵੱਗੋ ਸੰਦਲੀ ! ਸਾਡੇ ਸਾਹ ਸੁਲਗਦੇ ਜਾਣ
ਤੁਸੀਂ ਲਖ ਚੰਦਾ ਨੂੰ ਲੱਖ ਸੂਰਜਾ ! ਸਾਡੇ ਸਖਣੇ ਸਭ ਅਸਮਾਨ,
ਤੁਸੀਂ ਜਲ ਥਲ ਭਰਿਓ ਨੀਰ ਨੀਰ ! ਸਾਡੀ ਤਹਿਰਾਈ ਜਾਨ।
ਹੋਰ ਜਨਮ ਜਨਮ ਦੇ ਲਾਰਿਆਂ, ਸਾਨੂੰ ਏਸ ਜਨਮ ਨਾ ਛੋੜ
ਤੁਸੀਂ ਲਖ ਬ੍ਰਹਿਮੰਡਾਂ ਵਾਲੜੇ ! ਸਾਨੂੰ ਇਕ ਜਿੰਦੜੀ ਦੀ ਲੋੜ।
ਤੁਸੀਂ ਲਖ ਸੈ ਦਾਤਾਂ ਵਾਲਿਓ ! ਸਾਨੂੰ ਇਕ ਨਸ਼ੇ ਦੀ ਤੋਟ
ਅਸਾਂ ਪੁਜਾਰੀਆਂ ਇਕ ਦੇਵ, ਤੁਸਾਂ ਦੇਵਾਂ ਕੋਟੀ ਕੋਟੇ |
ਸਾਡਾ ਮਨ ਪਰਦੇਸੀ ਮੁਢ ਤੋਂ, ਤੁਸੀਂ ਦੇਸਾਂ ਵਾਲੇ ਹੋ !
ਬੇਆਵਾਜ਼ ਇਸ਼ਕ ਕੀ ਆਖੇ ਉਸਦਾ ਨਿਰਮੋਹੀ ਨਾਲ ਮੋਹ |
ਆਖ਼ਰੀ ਸਤਰ ਵਿਚ ਬੇਆਵਾਜ਼ ਇਸ਼ਕ ਦੀ ਬੇਬਸੀ ਦਾ ਜ਼ਿਕਰ ਹੈ। "ਇਸ਼ਕ" ਥੀਮ ਹੈ, ਤੇ "ਬੇਆਵਾਜ਼" ਕਲਾਤਮਕ ਅਸਮਰੱਥਾ। ਗਿਆਰਾਂ ਉਪਮਾਨਾਂ ਰਾਹੀਂ ਇਸ਼ਕ ਆਪਣਾ ਦੁਖ ਪੇਸ਼ ਕਰਨ ਵਿਚ ਅਸਮਰਥ ਰਿਹਾ ਹੈ। ਇਸ ਗੀਤ ਵਿਚਲਾ ਇਸ਼ਕ ਬੇਆਵਾਜ਼ ਨਹੀਂ, ਸਗੋਂ ਬਹੁ-ਆਵਾਜ਼ ਹੋ ਕੇ ਵੀ ਬੇ-ਮੁਹਾਂਦਰਾ ਹੈ।
—ਹਰਿਭਜਨ ਸਿੰਘ, ਰੂਪਕੀ (64 - 67).